Baba Hathiram
Sant Prem Singh
Baba Lakhi Shah
Sham S Muchhaal
Pradeep Manawat
Sandeep Rathod
Main News Page (1)
Jhalkari Bai
DrSuryaDhanavath
Introduction
Freedom Fighter
Guest Book
Mein Bhi Kaain Kehno Chha
Goaar Darpan
Goaar Forum
What Do You Think?
Special Mail
Gor History
Dr. Tanaji Rathod
Pradeep Ramavath-1
Goaar Goshti
Religious Persons
Political Persons
Social Reformers
Organisations
Goaar Chetna
Goaar Ratan
Gypsy-Banjara
Sportsmen
Goaar History
Goaar Writers
Attn: Researchers
About Us
 

ਅਲੌਕਿਕ ਸੰਤ ਬਾਬਾ ਹਾਥੀ ਰਾਮ ਜੀ


ਬਾਬਾ ਹਾਥੀ ਰਾਮ ਜੀ ਭਗਵਾਨ ਤਿਰੂਪਤੀ ਬਾਲਾਜੀ ਵੈਂਕਟੇਸ਼ ਦੇ ਨਾਲ ਚੌਪੜ ਦੀ ਖੇਡ ਖੇਡਦੇ ਹੋਏ।

ਇਹ ਸੱਚ ਹੈ ਕਿ ਸੰਤ ਦੀ ਕੋਈ ਜਾਤ ਨਹੀਂ ਹੁੰਦੀ , ਪ੍ਰੰਤੂ ਇਹ ਵੀ ਸੱਚ ਹੈ ਕਿ ਸਾਰਾ ਸਮਾਜ ਜਾਤਾਂ ਅਤੇ ਵਰਣਾਂ ਵਿੱਚ ਵੰਡਿਆ ਹੋਇਆ ਹੈ| ਸਮਾਜ ਅਪਣੀਆਂ ਉਨ੍ਹਾਂ ਦਿਵਿਆ ਆਤਮਾਵਾਂ ਉਤੇ ਮਾਣ ਕਰਦਾ ਹੈ ਜੋ ਅੱਜ ਤੱਕ ਸਮਾਜ ਦੇ ਅਗਵਾਈ ਸਤੰਭ ਬਣੇ ਹੋਏ ਹਨ| ਕੁਝ ਤਾਂ ਕੁਦਰਤ ਵਲੋਂ ਅਤੇ ਕੁਝ ਸਾਰੇ ਵਰਗ ਦੇ ਲੋਕਾਂ ਦੀ ਆਦਤ ਬਣ ਗਈ ਹੈ ਕਿ ਇਨ੍ਹਾਂ ਦਿਵਿਆ ਆਤਮਾਵਾਂ ਦਾ ਨਾਮ ਆਪਣੇ ਸਮਾਜ ਨਾਲ  ਜੋੜਦੇ ਹਨ ਜਿਵੇਂ ਸਮੇਂ ਦੇ ਮਹਾਨ ਵਿਚਾਰਕ ਦਿਵਿਆ ਆਤਮਾ ਬਾਬਾ ਹਾਥੀ ਰਾਮ ਜੀ ਨਾਲ ਸੰਬੰਧ ਜੋੜਦੇ ਅਤੇ ਆਪਣੇ ਆਪ ਨੂੰ ਬਾਬਾ ਜੀ ਦੇ ਵੰਸ਼ਜ ਦੱਸਦੇ ਹਨ| ਬ੍ਰਾਹਮਣ ਸਮਾਜ ਇਹ ਦਾਅਵਾ ਕਰਦਾ ਹੈ ਕਿ ਬਾਬਾ ਹਾਥੀ ਰਾਮ ਜੀ ਬ੍ਰਾਹਮਣ ਸਮਾਜ ਦੇ ਹਨ| ਪੰਜਾਬ ਵਿੱਚ ਵੱਸਣ ਵਾਲੇ ਗੋਆਰ ਜਿਨ੍ਹਾਂ ਨੂੰ ਪੰਜਾਬ ਵਿੱਚ ਬਾਜ਼ੀਗਰ ਕਹਿੰਦੇ ਹਨ, ਇਹ ਦਾਅਵਾ ਕਰਦੇ ਹਨ ਕਿ ਬਾਬਾ ਹਾਥੀ ਰਾਮ ਜੀ ਗੋਆਰ ਸਮਾਜ ਦੇ ਹਨ ਅਤੇ ਬਲਜੋਤ ਗੋਆਰ ਦੀ ਉਪ ਗੋਤ ਦੇਸਰਾਜੀਏ ਆਪਣੇ ਆਪ ਨੂੰ ਬਾਬਾ ਹਾਥੀ ਰਾਮ ਜੀ ਦੀ ਸੰਤਾਨ ਦੱਸਦੇ ਹਨ| ਬਾਬਾ ਹਾਥੀ ਰਾਮ ਜੀ ਦਾ ਇਹ ਅਸਥਾਨ ਇਸ ਵੇਲੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਬੰਗੇ ਲਾਗੇ ਪਿੰਡ ਗੁਣਾਚੌਰ ਵਿਚ ਹੈ|
ਗੋਆਰ ਜਿਨ੍ਹਾਂ ਨੂੰ ਪੰਜਾਬ ਵਿੱਚ ਬਾਜ਼ੀਗਰ ਕਹਿੰਦੇ ਹਨ, ਦੇ ਬਾਬਾ ਹਾਥੀ ਰਾਮ ਜੀ ਦੇ ਨਾਲ ਸਬੰਧ ਨੂੰ ਦੇਖਣ ਤੋਂ ਪਹਿਲਾਂ ਗੋਆਰ ਸਮਾਜ ਬਾਰੇ ਜਾਨਣਾ ਚਾਹੀਦਾ ਹੈ| ਅਸਲ ਵਿਚ ਗੋਆਰ ਭਾਰਤ ਦੇ ਮੂਲ ਨਿਵਾਸੀ ਹਨ| ਗੋਆਰ ਸਮਾਜ ਭਾਰਤ ਦੇ ਵੱਖ ਵੱਖ  ਹਿੱਸਿਆਂ ਵਿਚ ਕੰਮਾਂ ਦੇ ਅਧਾਰ ਉਤੇ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਵਣਜਾਰੇ, ਨਟ, ਸਿਰਕੀਬੰਦ, ਭਗਤਾਵਾ, ਕਾਕਨੀਆ, ਕਾਕਸਰੀਆ, ਲੁਬਾਣਾ, ਲਾਵਾਨਾ, ਪੇਲੀਆ, ਗਵਾਰੀਆ, ਗਾਮਲੀਆ, ਗੌਰ, ਬਰਿਜਵਾਸੀ, ਨਾਇਕ, ਕਾਂਗੀ, ਧਨਕੁਟੇ, ਬੰਜਾਰੇ, ਲਾਖੋਰ, ਰਾਠੋਰ, ਗਵਾਲ, ਬਾਦੀ, ਬਾਜ਼ੀਗਰ, ਲੰਬਾਨੀ, ਲੰਬਾੜਾ ਆਦਿ| ਇਹ ਸਾਰੇ ਨਾਂ ਕੰਮ ਦੇ ਅਧਾਰ ਉਤੇ ਮਿਲੇ, ਜਿਸ ਤਰਾਂ ਵਿਉਪਾਰ ਕਰਨ ਵਾਲੇ ਵਣਜਾਰਾ, ਸਿਰਕੀ ਬੰਨਣ ਵਾਲੇ ਸਿਰਕੀਬੰਧ ਕਿਹਾ ਗਿਆ| ਇਸੇ ਤਰਾਂ ਬਾਜ਼ੀ ਦੀ ਕਲਾ ਦਿਖਾਉਣ ਵਾਲੇ ਨੂੰ ਬਾਜ਼ੀਗਰ ਕਿਹਾ ਗਿਆ ਹੈ| ਅਸਲ ਵਿਚ ਇਹ ਉਪਰੋਕਤ ਸਾਰੇ ਕਬੀਲੇ ਗੋਆਰ ਸਮਾਜ ਵਿੱਚੋਂ ਹਨ|
ਅਸਲ ਵਿਚ ਇਹ ਗੋਆਰ (ਗੌਰ) ਪੱਛਮੀ ਬੰਗਾਲ, ਰਾਜਸਥਾਨ ਅਤੇ ਕਈ ਹੋਰ ਪ੍ਰਾਂਤਾਂ ਵਿਚ ਰਾਜ ਕਰਦੇ ਸੀ| ਬੰਗਾਲ ਵਿਚ ਗੌਰ ਸਟੇਟ ਸੀ ਜਿਸ ਤੇ ਆਖਰੀ ਗੌਰ ਰਾਜੇ ਲਖਮਣ ਸੈਨ ਨੇ ਰਾਜ ਕੀਤਾ ਜਿਸ ਦੀ ਰਾਜਧਾਨੀ  ਲਖਨਾਵਤੀ / ਲਖਨੋਤੀ ਕਹੀ ਜਾਂਦੀ ਸੀ, ਜੋ 1200 ਈ: ਤਕ ਰਹੀ| ਬਾਅਦ ਵਿੱਚ ਮੁਹੰਮਦ ਬਖਤਿਆਰ, ਜੋ ਕੁਤਬਦੀਨ ਐਬਕ ਦਾ ਸਿਪਾਹਸਲਾਰ ਸੀ, ਨੇ ਜਿੱਤ ਲਈ ਸੀ ਅਤੇ ਹੌਲੀ ਹੌਲੀ ਦਿੱਲੀ ਦੇ ਅਧੀਨ ਕਰ ਲਈ| ਇਨਟਰਨੈਟ ਸਾਈਟ ਬੰਜਾਰਾ ਟਾਈਮਜ਼ ਡਾਟ ਕਾਮ ਵਿਚ ਸਾਫ ਲਿਖਿਆ ਹੈ, "ਇਕ ਸਮੇਂ ਗੋਰ ਕਬੀਲਾ ਰਾਜਸਥਾਨ ਵਿਚ ਬਹੁਤ ਇੱਜ਼ਤ ਮਾਣ ਵਾਲਾ ਸੀ ਅਤੇ ਬੰਗਾਲ ਦੇ ਰਾਜੇ ਉਸੇ ਵੰਸ਼ ਵਿਚੋ ਸਨ| ਉਨ੍ਹਾਂ ਨੇ ਆਪਣੀ ਰਾਜਧਾਨੀ ਦਾ ਨਾਂ ਲਖਨੌਤੀ ਰੱਖਿਆ| ਇਸ ਰਾਜ ਦਾ ਨਾਂ ਗੌਰ ਰਾਜ ਸੀ, ਜੋ ਇਨ੍ਹਾਂ ਦੇ ਵੰਸ਼ ਦੇ ਨਾਂ ਤੇ ਰਖਿਆ ਗਿਆ ਮੰਨਿਆ ਜਾਂਦਾ ਸੀ| ਇਸੇ ਵੰਸ਼ ਦਾ ਆਖਰੀ ਰਾਜਾ ਲਖਮਣ ਸੈਨ ਹੋਇਆ, ਜਿਸ ਨੇ 1170-1200 ਈ: ਤਕ ਰਾਜ ਕੀਤਾ| ਇਕ ਪੁਰਾਣਾ ਇਤਿਹਾਸਕਾਰ ਪਾਨੀ ਆਪਣੀਆਂ ਕ੍ਰਿਤਾਂ ਵਿਚ ਇਸ ਨੂੰ ਗੌਰਪੁਰਾ ਦੱਸਦਾ ਹੈ|
ਮੋਤੀਰਾਜ ਰਾਠੌਰ ਨੇ ਆਪਣੀ ਕਿਤਾਬ "ਗੌਰ ਬਨਜਾਰਾ ਜਨਜਾਤੀ ਕਾ ਇਤਿਹਾਸ" ਵਿਚ ਸਫਾ 19 ਉਤੇ ਲਿਖਿਆ ਹੈ, "ਕਾਬਲ ਦੇ ਪੂਰਬ ਵਿਚ ਗੋਰ ਨਦੀ ਹੈ, ਗੋਰ ਘਾਟੀਆਂ ਹਨ, ਗੋਰ ਨਾਂ ਦਾ ਪਿੰਡ ਹੈ ਅਤੈ ਸਵਤੰਤਰ ਗੋਰ ਨਾਂ ਦਾ ਪ੍ਰਾਂਤ ਹੈ| ਪ੍ਰਾਚੀਨ ਕਾਲ ਵਿਚ ਇਸ ਸਥਾਨ ਨੂੰ ਗੋਰ ਸਥਾਨ ਕਿਹਾ ਜਾਂਦਾ ਸੀ|" ਸ੍ਰੀ ਮੋਤੀਰਾਜ ਰਾਠੌਰ ਦੇ ਇਸ ਵਿਚਾਰ ਦੀ ਪੁਸ਼ਟੀ ਉਦੋਂ ਹੌਈ, ਜਦ ਮੈਂ 19.6.2004 ਦੀ ਦੈਨਿਕ ਭਾਸਕਰ ਵਿਚ ਇਹ ਖਬਰ ਦੇਖੀ, ਜਿਸ ਦੇ ਅੰਸ਼ ਇਸ ਤਰਾਂ ਹਨ, "ਅਫਗਾਨਿਸਤਾਨ ਦੇ ਗੋਰ ਪ੍ਰਾਂਤ ਦੀ ਰਾਜਧਾਨੀ ਦੇ ਵੱਡੇ ਹਿੱਸੇ ਉਤੇ ਇਕ ਭਗੌੜੇ ਕਮਾਂਡਰ ਨੇ ਹਿੰਸਕ ਝੜਪਾਂ ਤੋਂ ਬਾਅਦ ਕਬਜ਼ਾ ਕਰ ਲਿਆ|"


ਪਿੰਡ ਗੁਣਾਚੌਰ (ਨੇੜੇ ਬੰਗਾ) ਵਿੱਚ ਬਾਬਾ ਹਾਥੀ ਰਾਮ ਜੀ ਦੇ ਦਰਬਾਰ ਦੇ ਦਰਸ਼ਨ ਕਰਦੇ ਹੋਏ ਆਨਲਾਈਨ ਮੈਗਜ਼ੀਨ ਬੰਜਾਰਾ ਟਾਈਮਜ਼ ਡਾਟ ਕਾਮ ਦੇ ਸੰਪਾਦਕ ਕਮਲ ਧਰਮਸੋਤ ਅਤੇ ਸਮਾਜ ਸੁਧਾਰ ਲਹਿਰ ਗੋਰ ਸਿਕਵਾੜੀ ਦੇ ਫੁੱਲ ਟਾਈਮ ਪ੍ਰਚਾਰਕ ਅਰੁਣ ਦਿਗਾਂਬਰ ਚਵਾਨ ਦਰਬਾਰ ਦੇ ਮੌਜੂਦਾ ਸੇਵਕ ਨਾਲ।

ਭਾਈ ਕਾਹਨ ਸਿੰਘ ਸਿੱਖ ਵਿਦਵਾਨ ਨੇ ਅਪਣੇ ਮਹਾਨ ਸ਼ਬਦ ਕੋਸ਼ ਦੇ ਪੰਨਾ 431 ਤੇ ਗੋਰ ਸ਼ਬਦ ਬਾਰੇ ਲਿਖਿਆ ਹੈ, "ਗੋਰ ਗਜਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ ਹੈ|"                      
ਕਰਨਲ ਟਾਡ ਰਾਜਪੂਤ ਕਬੀਲਿਆਂ ਦੇ ਇਤਿਹਾਸ ਭਾਗ (1) ਸਫਾ 138 ਤੇ ਲਿਖਦਾ ਹੈ, "ਇਕ ਸਮੇਂ ਗੌਰ ਕਬੀਲਾ ਰਾਜਸਥਾਨ ਵਿਚ ਬਹੁਤ ਇੱਜ਼ਤਦਾਰ ਸੀ, ਭਾਵੇਂ ਇਸ ਨੇ ਮਨਭਾਉਂਦੀ ਉਚਾਈ ਹਾਸਲ ਨਹੀਂ ਕੀਤੀ| ਪੁਰਾਣੇ ਬੰਗਾਲ ਦੇ ਰਾਜੇ ਇਸੇ ਕਬੀਲੇ ਵਿਚੋਂ ਸਨ ਅਤੇ ਉਨ੍ਹਾਂ ਨੇ ਅਪਣੀ ਰਾਜਧਾਨੀ ਦਾ ਨਾਂ ਲਖਨੋਤੀ ਰਖਿਆ| ਕਰਨਲ ਟਾਡ ਇਸੇ ਪੰਨੇ ਤੇ ਅਗੇ ਲਿਖਦਾ ਹੈ, "ਮੈਨੂੰ ਪੂਰਾ ਯਕੀਨ ਹੈ ਕਿ ਇਹ ਗੋਰ ਉਸ ਧਰਤੀ ਦੇ ਮਾਲਕ ਸਨ, ਜਿਹੜੀ ਬਾਅਦ ਵਿਚ ਚੌਹਾਨਾਂ ਨੇ ਮੱਲ ਲਈ ਕਿਉਂਕਿ ਉਹ ਪੁਰਾਣੀਆਂ ਬੰਸਾਵਲੀਆਂ ਵਿਚ ਅਜਮੇਰ ਦੇ ਗੌਰ ਸਨ| ਪ੍ਰਿਥਵੀਰਾਜ ਦੀਆਂ ਲੜਾਈਆਂ ਵਿਚ ਵਾਰ ਵਾਰ ਇਨ੍ਹਾਂ ਦਾ ਹਵਾਲਾ ਆਉਂਦਾ ਹੈ ਕਿ ਇਹ ਅੱਛੀ ਸ਼ੋਹਰਤ ਦੇ ਮਾਲਕ ਸਨ| ਇਨ੍ਹਾਂ ਵਿਚੋ ਇਕ ਨੇ ਮੱਧ ਭਾਰਤ ਵਿਚ ਇਕ ਛੋਟੀ ਜਿਹੀ ਰਿਆਸਤ ਕਾਇਮ ਕੀਤੀ ਸੀ, ਜੋ 1809 ਵਿਚ ਮਰਹੱਟਿਆਂ ਦੀ ਜਿੱਤ ਤਕ ਰਹੀ|                            
ਮੋਤੀਰਾਜ ਰਾਠੋਰ ਨੇ ਅਪਣੀ ਕਿਤਾਬ, "ਗੋਰ ਬਨਜਾਰਾ ਜਨ ਜਾਤੀ ਕਾ ਇਤਿਹਾਸ" ਦੇ ਪੰਨਾ 16 ਤੇ ਜੋ ਮਾਨਚਿੱਤਰ ਦਿੱਤਾ ਹੈ ਉਸ ਅਨੁਸਾਰ ਛੇਵੀਂ ਸਦੀ ਤੋਂ ਨੌਵੀਂ ਸਦੀ ਤਕ ਬੂੰਦੀ, ਕੋਟਾ, ਰਾਣਾ ਪ੍ਰਤਾਪ, ਸਾਂਬਰ, ਚਿਤੋੜ,  ਛੋਟੀ ਸਾਦੜੀ, ਉਦੇਪੁਰ, ਜਮਸ਼ੇਦਪੁਰ, ਸਲਾਹਰਗੜ੍ਹ, ਮੰਦਸੋਰ, ਡੂੰਗਰਪੁਰ, ਪ੍ਰਤਾਪਗੜ੍ਹ, ਬਾਂਸਵਾੜਾ ਅਤੇ ਰਤਲਾਮ ਇਲਾਕਿਆਂ ਉੱਤੇ ਗੋਰ ਵੰਸ਼ ਦਾ ਰਾਜ ਸੀ| ਸੁਆਮੀ ਗੋਕਲਦਾਸ ਜੀ ਨੇ "ਬਣਜਾਰਾ ਭਾਸਕਰ" ਦੇ ਪੰਨਾ 48 ਉਤੇ ਵੜਤੀਆ (ਯਾਦਵ) ਦੇ ਵੰਸ਼ ਬਾਰੇ ਦਸਿਆ ਹੈ ਕਿ "ਬੁੰਦੇਲਖੰਡ ਦਾ ਰਾਜਾ ਛਤਰਸਾਲ ਵੜਤੀਆਂ ਦਾ ਮੁੱਖ ਪੁਰਸ਼ ਸੀ| ਗੋਆਰ ਸਮਾਜ ਬਾਰੇ ਜਾਨਣ ਤੋਂ ਬਾਅਦ ਆਓ ਵਿਚਾਰ ਕਰਦੇ ਹਾਂ ਕਿ ਦਿਵਿਆ ਆਤਮਾ ਬਾਬਾ ਹਾਥੀ ਰਾਮ ਜੀ ਦਾ ਗੋਆਰ ਸਮਾਜ ਨਾਲ ਕਿੰਨਾ ਸੰਬੰਧ ਹੈ|
ਪੰਜਾਬ ਵਿੱਚ ਬਾਬਾ ਹਾਥੀ ਰਾਮ ਜੀ ਦਾ ਇਹ ਅਸਥਾਨ ਇਸ ਵੇਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਬੰਗੇ ਲਾਗੇ ਗੁਣਾਚੌਰ ਵਿਚ ਹੈ|  ਇਸ ਅਸਥਾਨ ਬਾਰੇ ਕੋਈ ਲਿਖਤੀ ਜਾਣਕਾਰੀ ਨਹੀਂ ਹੈ| ਮੌਖਿਕ ਆਧਾਰ ਉਤੇ ਜੋ ਜਾਣਕਾਰੀ ਦਾਸ ਨੇ ਭਗਤ ਭਜਨਾ ਰਾਮ ਤੋਂ ਪਰਾਪਤ ਕੀਤੀ, ਇਥੇ ਪੇਸ਼ ਕਰ ਰਿਹਾ ਹਾਂ|  ਭਗਤ ਭਜਨਾ ਰਾਮ ਨੇ ਅਪਣੇ ਆਖਰੀ ਸਮੇਂ ਤੱਕ ਬਾਬਾ ਹਾਥੀ ਰਾਮ ਜੀ ਦੇ ਅਸਥਾਨ ਦੀ ਸੇਵਾ ਕੀਤੀ ਸੀ| ਭਗਤ ਭਜਨਾ ਰਾਮ ਜੀ ਦੇ ਦੱਸਣ ਅਨੁਸਾਰ ਬਾਬਾ ਹਾਥੀ ਰਾਮ ਜੀ ਦਾ ਅਸਲੀ ਨਾਂ ਆਸਾ ਰਾਮ ਜੀ ਸੀ ਜੋ ਕਿ ਦੇਸਰਾਜਕੇ ਵਲਜੋਤ ਗੋਆਰ ਵੰਸ਼ ਵਿਚੋਂ ਦੱਸੇ ਜਾਂਦੇ ਹਨ| ਆਪਣੇ ਕਬੀਲੇ ਨਾਲ ਉਹ ਉੱਤਰ ਤੋਂ ਊਨੇ ਦੀਆਂ ਪਹਾੜੀਆਂ ਵਿੱਚੋਂ ਇਥੇ ਆਏ| ਬਾਬਾ ਆਸਾ ਰਾਮ  ਜੀ ਦੇ ਪ੍ਰੀਵਾਰ ਦੇ ਕਈ ਜੀਆਂ ਨੇ ਰਾਜੇ ਗੋਪੀ ਚੰਦ ਦੇ ਹਾਥੀਆਂ ਨੂੰ ਨਹਾਉਣ ਦੀ ਨੋਕਰੀ ਕਰ ਲਈ| ਉਹ ਇਕ ਇਕ ਕਰਕੇ ਹਾਥੀਆਂ ਨੂੰ ਨਦੀ ਤੇ ਲੈ ਕੇ ਜਾਂਦੇ ਅਤੇ ਨਹਾ ਕੇ ਵਾਪਸ ਲੈ ਆਉਂਦੇ| ਇਸ ਤਰਾਂ ਬਹੁਤ ਸਮਾਂ ਲੱਗਣਾ ਅਤੇ ਬਾਬਾ ਜੀ ਦੇ ਪ੍ਰੀਵਾਰ ਦੇ ਜੀਅ ਬਹੁਤ ਤਕਲੀਫ ਉਠਾਉਂਦੇ| ਬਾਬਾ ਆਸਾ ਰਾਮ ਜੀ ਨੇ ਇਹ ਕੰਮ ਆਪਣੇ ਜਿੰਮੇ ਲੈ ਲਿਆ ਅਤੇ ਹਾਥੀ ਨਹਾਉਂਦੇ ਰਹੇ| ਕਿਹਾ ਜਾਂਦਾ ਹੈ ਕਿ ਬਾਬਾ ਆਸਾ ਰਾਮ ਜੀ ਹਾਥੀ ਨੂੰ ਚੁੱਕ ਕੇ ਲੈ ਜਾਂਦੇ ਅਤੇ ਹਾਥੀ ਨੂੰ ਨੁਹਾ ਕੇ ਵਾਪਸ ਹਾਥੀਆਂ ਦੇ ਤਬੇਲੇ ਵਿਚ ਖੜਾ ਕਰ ਦਿੰਦੇ ਸਨ| ਚਰਚਾ ਚਲਦੀ ਚਲਦੀ ਰਾਜੇ ਗੋਪੀ ਚੰਦ ਕੋਲ ਪਹੁੰਚ ਗਈ| ਰਾਜੇ ਨੇ ਇਸ ਨੂੰ ਹੈਰਾਨੀ ਵਾਲੀ ਗੱਲ ਮੰਨਿਆ ਅਤੇ ਇਕ ਦਿਨ ਛੁਪ ਕੇ ਇਹ ਕੌਤਕ ਦੇਖਿਆ ਅਤੇ ਬਾਬਾ ਜੀ ਦੇ ਚਰਨੀਂ ਪੈ ਗਿਆ ਅਤੇ ਬਾਬਾ ਜੀ ਕੋਲੋਂ ਮੁਆਫੀ ਮੰਗੀ|
ਇਸੇ ਦੰਤ ਕਥਾ ਅਨੁਸਾਰ ਬਾਬਾ ਜੀ ਨੇ 21 ਹਾਥੀ ਖੜੇ ਕਰਕੇ ਛਾਲ ਮਾਰੀ ਅਤੇ ਜਿਸ ਅਸਥਾਨ ਤੇ ਬਾਬਾ ਜੀ ਦਾ ਅੱਜ ਅਸਥਾਨ ਹੈ, ਉਥੇ ਪਹੁੰਚ ਗਏ ਅਤੇ ਬਾਬਾ ਹਾਥੀ ਰਾਮ ਕਹਿਲਾਏ| ਰਾਜੇ ਗੋਪੀ ਚੰਦ ਨੇ ਬਾਬਾ ਜੀ ਤੋਂ ਪ੍ਰਭਾਵਤ ਹੋ ਕੇ 12 ਖੇਤਾਂ ਦੀ ਜਗੀਰ ਬਾਬਾ ਜੀ ਦੇ ਨਾਂ ਕਰ ਦਿੱਤੀ ਜੋ ਬਾਅਦ ਵਿਚ ਲੋਕਾਂ ਨੇ ਦੱਬ ਲਈ ਅਤੇ ਇਸ ਵੇਲੇ 10-12 ਕਨਾਲ ਜ਼ਮੀਨ ਹੀ ਬਾਬਾ ਜੀ ਦੇ ਮੰਦਰ ਨਾਲ ਹੈ | ਹਾਥੀਆਂ ਨੂੰ ਛਾਲ ਮਾਰ ਕੇ ਟੱਪਣ ਕਾਰਨ ਬਾਜ਼ੀਗਰ ਸਮਾਜ ਬਾਬਾ ਜੀ ਨੂੰ ਬਾਜ਼ੀ ਕਲਾ ਦਾ ਮੋਢੀ ਮੰਨਦਾ ਹੈ ਅਤੇ ਉਨ੍ਹਾਂ ਦੀ ਯਾਦ ਵਿਚ 3-5 ਹਾੜ ਨੂੰ ਭਾਰੀ ਮੇਲਾ ਲੱਗਦਾ ਹੈ| ਅੱਜ ਵੀ ਬਾਬਾ ਜੀ ਦੀ ਯਾਦ ਵਿਚ ਬਾਜ਼ੀ ਕਲਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਮੁਕਾਬਲਾ ਜਿੱਤਣ ਵਾਲੇ ਨੂੰ ਯੋਗ ਇਨਾਮ ਦਿੱਤਾ ਜਾਂਦਾ ਹੈ|  ਭਾਵੇਂ ਬਾਬਾ ਜੀ ਬਾਰੇ ਕੋਈ ਲਿਖਤੀ ਇਤਿਹਾਸ ਨਹੀ[, ਪਰ ਪੀੜੀ ਦਰ ਪੀੜੀ ਸੇਵਾਦਾਰ ਹੀ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਦੱਸਦੇ ਹਨ| ਮੈਂ ਵੀ ਮਹਿਮਾ ਭਗਤ ਭਜਨਾ ਰਾਮ ਕੋਲੋਂ ਸੁਣੀ| ਸੇਵਾਦਾਰ ਭਜਨਾ ਰਾਮ ਨਹੀਂ ਦੱਸ ਸਕਿਆ ਕਿ ਬਾਬਾ ਜੀ ਇਥੇ ਕਦੋਂ ਆਏ ਤੇ ਕਿੰਨਾ ਚਿਰ ਇਥੇ ਰਹੇ, ਨਾ ਹੀ ਸਬੂਤ ਵਜੋਂ ਕੋਈ ਕਾਗਜ਼, ਗ੍ਰੰਥ ਜਾਂ ਪੋਥੀ ਹੀ ਮਿਲੀ ਕਿ ਇਹ ਰਾਜੇ ਗੋਪੀ ਚੰਦ ਦੀ ਰਾਜਧਾਨੀ ਧਾਰਾ ਨਗਰੀ ਸੀ| ਮੇਰੇ ਅਨੁਸਾਰ ਧਾਰਾ ਨਗਰੀ ਮੱਧ ਪ੍ਰਦੇਸ਼ ਵਿਚ ਸੀ| ਰਾਜਾ ਗੋਪੀ ਚੰਦ ਬੰਗਾਲ ਦੇ ਗੋਰ ਪ੍ਰਦੇਸ ਵਿਚ ਹੋਇਆ| ਅੱਜ ਵੀ ਗੋਆਰ ਵਣਜਾਰੇ ਰਾਜੇ ਗੋਪੀ ਚੰਦ ਦੇ ਗੀਤ ਗਾਉਂਦੇ ਹਨ :
 "ਗੋਪੀ ਚੰਦਰ ਰੋ ਰਾਜਾ ਜੋਗ ਲੀਓ, ਗੋਪੀ ਚੰਦਰ ਰਾਜਾ ਰੀ ਮਾੜੀ ਹਵੇਲੀ,
  ਮਾੜੀ ਹਵੇਲੀ ਛੋੜ ਦੀਓ, ਗੋਪੀ ਚੰਦਰ ਰੋ ਰਾਜਾ ਜੋਗ ਲੀਓ|


ਬਾਬਾ ਹਾਥੀ ਰਾਮ ਮੱਠ, ਗਾਂਧੀ ਰੋਡ, ਨੇੜੇ ਰੇਲਵੇ ਸਟੇਸ਼ਨ, ਤਿਰੂਪਤੀ ਦੇ ਬਾਹਰਲਾ ਦ੍ਰਿਸ਼ (ਤਸਵੀਰ: ਕਮਲ ਸਿੰਘ ਰਾਠੌੜ)

ਪ੍ਰਿਥਵੀ ਰਾਜ, ਕ੍ਰਿਤ ਸਿਰੀ ਗੋਗਾ ਪੁਰਾਣ (ਸਚਿਤਰ) ਦੇ ਗਿਆਰਵੇਂ ਅਧਿਆਏ (ਜਲੰਧਰ ਨਾਥ ਜੋਗੀ ਹੈਲਾਪਟਨ ਵਿਚ) ਕਿ ਜਲੰਧਰ ਨਾਥ ਘੁੰਮਦੇ ਘੁੰਮਾਂਦੇ ਰਾਜਾ ਗੋਪੀ ਚੰਦ ਦੇ ਗੌਰ ਬੰਗਾਲਾ ਪ੍ਰਦੇਸ਼ ਹੈਲਾਪਟਨ ਨਗਰੀ ਵਿਚ ਪਹੁੰਚ ਕੇ ਇਕਾਂਤ ਜਗਾ ਤੇ ਡੇਰਾ ਲਾਇਆ| ਰਾਜਾ ਗੋਪੀ ਚੰਦ ਯੁਵਕ ਰਾਜਾ ਸੀ ਅਤੇ ਉਸ ਦੇ ਪਿਤਾ ਦਾ ਨਾਂ ਰਾਜਾ ਤ੍ਰਿਲੋਚਨ ਚੰਦ ਅਤੇ ਮਾਤਾ ਦਾ ਨਾਂ ਰਾਣੀ ਮੈਨਾਵਤੀ ਸੀ| ਇਸ ਦੀ ਪੁਸ਼ਟੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਧ ਗੋਸ਼ਟ ਤੋਂ ਹੁੰਦੀ ਹੈ| ਜਦੋਂ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਮਿਲੇ, ਰਾਜਾ ਗੋਪੀ ਚੰਦ ਸਿੱਧਾਂ ਦੇ ਨਾਲ ਸੀ| ਰਾਜਾ ਗੋਪੀ ਚੰਦ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਹੋ ਸਕਦੇ ਹਨ|
ਮੈਨੂੰ ਗੁਣਾਚੌਰ ਕਿਲੇ ਬਾਰੇ ਖੋਜ ਕਰਨ ਤੇ ਪਤਾ ਲੱਗਿਆ ਕਿ ਇਹ ਕਿਲਾ ਅਤੇ ਊਨੇ ਦਾ ਕਿਲਾ ਸਾਹਿਬ ਸਿੰਘ ਬੇਦੀ ਦੇ ਪੁਰਖਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰ ਵਜੋਂ ਦਿੱਤਾ ਸੀ| ਮੈਂ ਬੇਦੀ ਕਲਾਥ ਹਾਉਸ ਨਵਾਂ ਸ਼ਹਿਰ ਗਿਆ ਅਤੇ ਇਸ ਦੇ ਮਾਲਕ ਸਰਦਾਰ ਜਸਪਾਲ ਸਿੰਘ ਬੇਦੀ ਨੂੰ ਮਿਲਿਆ| ਉਸ ਦੇ ਦੱਸਣ ਅਨੂਸਾਰ ਇਹ ਕਿਲਾ ਉਨ੍ਹਾਂ ਦੇ ਪ੍ਰੀਵਾਰ ਦੇ ਵੰਡੇ ਆਇਆ ਅਤੇ ਊਨੇ ਦਾ ਕਿਲਾ ਬਾਬਾ ਸਾਹਿਬ ਸਿੰਘ ਬੇਦੀ ਦੇ ਪ੍ਰੀਵਾਰ ਦੇ ਵੰਡੇ ਆਇਆ| ਸਰਦਾਰ ਜਸਪਾਲ  ਸਿੰਘ ਬੇਦੀ ਅਨੁਸਾਰ ਗੁਣਾਚੌਰ ਦਾ ਕਿਲਾ ਸਰਕਾਰੀ ਰਿਕਾਰਡ ਵਿਚ ਗੋਪੀ ਚੰਦ ਦਾ ਟਿੱਲਾ ਵੱਜਦਾ ਹੈ| ਮੰਦਰ ਦੇ ਸਰੋਵਰ ਵਿੱਚ ਲਗਿਆ ਪੱਥਰ ( ਹੁਣ ਨਹੀਂ ਹੈ) ਲਾਲਾ ਠਾਕਰ ਦਾਸ  ਸੰਨ 8-5-1913 ਇਹ ਦਰਸਾਉਂਦਾ ਹੈ ਕਿ ਇਹ ਮੰਦਰ ਬਹੁਤ ਪੁਰਾਤਨ ਹੈ|
ਪਰਮ ਪੂਜਨੀਕ ਸੰਤ ਲਕਸ਼ਮਣ ਚੇਤੰਨਿਆ ਬਾਪੂ ਅਨੂਸਾਰ ਬਾਬਾ ਹਾਥੀ ਰਾਮ ਜੀ ਤਿਰੂਪਤੀ (ਕਰਨਾਟਕਾ) ਵਿਚ ਤਿਰੂਪਤੀ ਭਗਵਾਨ (ਬਾਲਾਜੀ) ਜਿਸ ਨੂੰ ਵਿਸ਼ਣੂ ਭਗਵਾਨ ਕਿਹਾ ਜਾਂਦਾ ਹੈ, ਨਾਲ ਰਾਤ ਦੇ ਸਮੇਂ ਚੌਪੜ ਖੇਡਦੇ ਸਨ| ਉਨ੍ਹਾਂ ਦੇ ਦੱਸਣ ਅਨੁਸਾਰ ਅੱਜ ਵੀ ਬਾਬਾ ਹਾਥੀ ਰਾਮ ਜੀ ਦਾ ਮੱਠ ਬਾਲਾ ਜੀ ਭਗਵਾਨ ਦੇ ਮੰਦਰ ਕੋਲ ਹੈ| ਵਾਈ ਰੂਪਲਾ ਨਾਇਕ ਨੇ ਅਪਣੀ ਕਿਤਾਬ "ਕਲਰਫੁੱਲ ਬਣਜਾਰਾ (ਲਬਾਨੀ) ਟਰਾਈਬ ਥਰੂ ਦੀ ਏਜਜ਼" ਦੇ ਸਫਾ 221 ਤੇ ਲਿਖਿਆ ਹੈ, "ਤਿਰੂਪਤੀ ਕਰਨਾਟਕਾ ਵਿਚ ਇਕ ਵਣਜਾਰਾ ਸੰਤ ਹਾਥੀ ਰਾਮ ਬਾਬਾ ਹੋਇਆ, ਜੋ ਵੈਂਕਟੇਸ਼ਵਰ ਸਵਾਮੀ (ਬਾਲਾ ਜੀ) ਦਾ ਬਹੁਤ ਵੱਡਾ ਭਗਤ ਸੀ| ਕਿਹਾ ਜਾਂਦਾ ਹੈ ਕਿ ਭਗਵਾਨ ਬਾਲਾ ਜੀ ਉਨ੍ਹਾਂ ਨਾਲ ਰਾਤ ਦੇ ਸਮੇਂ ਚੈਸ (ਚੌਪੜ) ਖੇਡਦਾ ਸੀ| ਇਹ ਦੂਸਰੇ ਲੋਕਾਂ ਨੇ ਵੀ ਦੇਖਿਆ ਤੇ ਉਹ ਬਾਬਾ ਜੀ ਨੂੰ ਮਹਾਨ ਸੰਤ ਕਹਿਣ ਲੱਗ ਪਏ| ਮਹੰਤਾ ਮੱਠ ਬਿਲਡਿੰਗ ਮੰਦਰ ਦੇ ਲਾਗੇ ਬਾਬਾ ਹਾਥੀ ਰਾਮ ਜੀ ਦਾ ਸਥਾਨ ਹੈ| ਬਾਲਾ ਜੀ ਹਜ਼ਾਰਾਂ ਵਣਜਾਰਿਆਂ ਦਾ ਦੱਖਣੀ ਭਾਰਤ ਵਿਚ ਪ੍ਰੀਵਾਰਕ ਦੇਵਤਾ ਹੈ| ਦਾਸ ਨੇ ਇਸ ਮੱਠ ਦੇ ਦਰਸ਼ਨ ਅਪਣੀ ਤਿਰੂਪਤੀ ਯਾਤਰਾ ਤੇ ਕੀਤੇ ਅਤੇ ਦੇਖਿਆ ਅੱਜ ਵੀ ਤਿਰੂਪਤੀ ਮੰਦਰ ਵਿੱਚ ਬਾਬਾ ਹਾਥੀ ਰਾਮ ਜੀ ਦੇ ਮੱਠ ਤੋਂ ਸਮੱਗਰੀ ਤਿਆਰ ਹੋ ਕੇ ਜਾਂਦੀ ਹੈ ਅਤੇ ਤਿਰੂਪਤੀ ਮੰਦਰ ਦੇ ਮਹੰਤ ਦਾ ਆਸਣ ਅਤੇ ਦਫਤਰ ਇਸੇ ਮੱਠ ਵਿੱਚ ਹੈ|
ਤਾਮਰਕ ਜੋ ਅਪਣੇ ਆਪ ਨੂੰ ਬਾਬਾ ਹਾਥੀ ਰਾਮ ਜੀ ਦੇ ਵੰਸ਼ਜ ਦਸਦੇ ਹੱਨ ਅਤੇ ਗੋਰ ਬ੍ਰਾਹਮਣ ਦਸਦੇ ਹਨ, ਨੇ ਮੈਨੂੰ ਆਗਰਮਲ ਸ਼ਰਮਾ ਦੁਆਰਾ ਲਿਖਤ ਪੁਸਤਕ ""ਚਿੜਾਵਾ ਅਤੀਤ ਸੇ ਆਜ ਤੱਕ" ਦੇ ਅੰਸ਼ ਮੈਨੂੰ ਭੇਜੇ, ਜੋ ਇਸ ਤਰਾਂ ਹਨ, "ਸੋਲਵੀਂ ਸਦੀ ਤੋਂ ਪਹਿਲਾਂ ਪੰਡਤ ਰੂਪਰਾਮ ਸ਼ਰਮਾ ਸੋਨਥਲੀ ਤੋਂ ਆ ਕੇ ਚਿੜਾਵਾ ਵਸੇ ਸੀ ਆਪ ਦੇਵੀ ਭਗਤ ਸਿੱਧ ਪੁਰਸ਼ ਸਨ|  ਉਨ੍ਹਾਂ ਦਾ ਇੱਕ ਹੋਰ ਭਰਾ ਸੀ ਜੋ ਬਚਪਨ ਵਿੱਚ ਹੀ ਵਿਰਕਤ ਹੋ ਗਿਆ ਸੀ| ਵਿਰਕਤਤਾ ਵਿੱਚ ਹੀ ਘੁੰਮਦੇ ਹੋਏ ਆਪ ਤਿਰੂਪਤੀ ਨਰੇਸ਼ ਦੇ ਪਹੁੰਚ ਗਏ| ਰਾਜੇ ਨੇ ਉਨ੍ਹਾਂ ਦੇ ਚਮਤਕਾਰਿਕ ਜੀਵਨ  ਤੋਂ ਪਰਭਾਵਤ ਹੋ ਕੇ ਉਨ੍ਹਾਂ ਦਾ ਸ਼ਿਸ਼ ਬਣਨਾ ਸਵੀਕਾਰ ਲਿਆ ਅਤੇ ਉਨ੍ਹਾਂ ਦਾ ਉਥੇ ਹੀ ਮੱਠ ਬਣਵਾ ਦਿੱਤਾ ਜੋ ਅੱਜ ਵੀ ਤਿਰੂਪਤੀ ਵਿੱਚ ਬਾਲਾ ਜੀ ਦੇ ਪਰਿਸਪਰ ਵਿੱਚ ਹਾਥੀ ਜਾਮ ਬਾਬਾ ਦੇ ਮੱਠ ਦੇ ਨਾਂ ਨਾਲ ਪ੍ਰਸਿਧ ਹੈ|"
ਤਾਮਰਕ ਅਨੁਸਾਰ ਗੋਰ ਬ੍ਰਾਹਮਣਾਂ ਦੀ ਉਤਪਤੀ ਇਕ ਛੋਟੇ ਜਹੇ ਪਿੰਡ ਗਾਰ/ ਗੋਰ, ਜੋ ਕਿ ਪਛਮੀ ਬੰਗਾਲ/ਬੰਗਲਾ ਦੇਸ਼ ਭਾਰਤ ਦੀ ਅੰਤਰਰਾਸ਼ਟਰੀ ਸੀਮਾ ਤੇ ਸਥਿਤ ਹੈ, ਵਿੱਚ ਹੋਈ| ਇਹ ਗਾਂਵ ਅਸਲ ਵਿੱਚ ਇੱਕ ਮਹਾਨ ਵਿਅਕਤੀ ਲਛਮਣ ਦੁਆਰਾ ਸਥਾਪਿਤ ਕੀਤਾ ਗਿਆ ਜੋ ਸਦੀਆਂ ਤੋਂ ਬਾਦ ਗੌੜਾ ਫਿਰ ਗੋਰ ਬਣਿਆ| ਗਿਆਰਵੀਂ ਸਦੀ ਵਿੱਚ ਮੁਸਲਮਾਨਾਂ ਨੇ ਬੰਗਾਲ ਤੇ ਕਬਜ਼ਾ ਕਰ ਲਿਆ ਅਤੇ ਬ੍ਰਾਹਮਣਾਂ ਨੂੰ ਉਤਰ ਭਾਰਤ ਵਿੱਚ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ| ਉਤਰ ਭਾਰਤ ਦੇ ਰਾਜੇ ਗੋਰ ਬ੍ਰਾਹਮਣਾਂ ਦੇ ਧਾਰਮਿਕ ਗਿਆਨ ਨੂੰ ਦੇਖ ਕੇ ਇਤਨੇ ਪਰਭਾਵਤ ਹੋਏ ਕਿ ਰਾਜਿਆਂ ਨੇ ਉਨ੍ਹਾਂ ਨੂੰ ਅਪਣੇ ਸਾਮਰਾਜ ਵਿੱਚ ਜ਼ਮੀਨ ਅਤੇ ਘਰ ਵਸਣ ਲਈ ਦਿੱਤੇ ਅਤੇ ਇਹ ਗੋਰ ਬ੍ਰਾਹਮਣ ਉਤਰ ਭਾਰਤ (ਰਾਜਸਥਾਨ ) ਦੇ ਵਸਨੀਕ ਬਣ ਗਏ| ਧਿਆਨ ਦਿੱਤਾ ਜਾਵੇ ਕਿ ਅੱਜ ਜਿਤਨੇ ਵੀ ਭਾਟ ਗੋਆਰਾਂ ਦੀਆਂ ਬੰਸਾਵਲੀਆਂ ਲਿਖਦੇ ਹਨ /ਸਨ ਇਹ ਸਾਰੇ ਗੋਰ ਬ੍ਰਾਹਮਣ ਹਨ| ਸਾਡਾ ਵੀ ਇਹ ਮੱਤ ਹੈ ਕਿ ਗੋਆਰ  ਗੋਰ ਦੇਸ਼ ਤੋਂ ਹੀ ਸਾਰੇ ਭਾਰਤ ਵਿੱਚ ਬੁਰੇ ਹਾਲਾਤਾਂ ਕਾਰਣ ਰੋਟੀ ਰੋਜ਼ੀ ਲਈ ਖਿੱਲਰੇ ਅਤੇ ਕੰਮ ਦੇ ਅਧਾਰ ਤੇ ਵੱਖ ਵੱਖ ਨਾਂ ਨਾਲ ਵੱਖ ਵੱਖ ਰਾਜਾਂ ਵਿੱਚ ਜਾਣੇ ਜਾਣ ਲੱਗੇ|  ਬੰਗਾਲ ਵਿਚ  ਇਨ੍ਹਾਂ ਦੀ ਗੌਰ ਸਟੇਟ ਸੀ ਜਿਸ ਤੇ ਆਖਰੀ ਗੌਰ ਰਾਜੇ ਲਖਮਣ ਸੈਨ ਨੇ ਰਾਜ ਕੀਤਾ ਜਿਸ ਦੀ ਰਾਜਧਾਨੀ ਨੂੰ ਲਖਨਾਵਤੀ / ਲਖਨੋਤੀ ਕਿਹਾ ਜਾਂਦਾ ਸੀ, ਜੋ 1200 ਈ: ਤਕ ਰਹੀ| ਮੁਹੰਮਦ ਬਖਤਿਆਰ, ਜੋ ਕੁਤਬਦੀਨ ਐਬਕ ਦਾ ਸਿਪਾਹਸਲਾਰ ਸੀ, ਨੇ ਜਿੱਤ ਲਈ ਸੀ| 
ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ ਤਿਰੂਪਤੀ ਪਹੁੰਚੇ ਉਸ ਸਮੇਂ ਬਾਲਾ ਜੀ ਮੰਦਰ ਦਾ ਪ੍ਰਬੰਧ ਸਵਾਮੀ ਨਾਮਾਨੁਜਾ ਅਚਾਰੀਆ ਦੇ ਚੇਲਿਆਂ ਦੇ ਹੱਥਾਂ ਵਿੱਚ ਸੀ ਜੋ ਅਪਣੀ ਲਿਆਕਤ ਅਤੇ ਗਿਆਂਨ ਕਾਰਣ ਬੜੇ ਘੁਮੰਡੀ ਸਨ| ਬਾਬਾ ਹਾਥੀ ਰਾਮ ਜੀ ਦੀ ਬੇਨਤੀ ਤੇ ਉਨ੍ਹਾਂ ਨੇ ਬਾਬਾ ਜੀ ਨੂੰ ਜੰਗਲ ਵਿੱਚੋਂ ਲੱਕੜਾਂ ਲਿਆਉਣ ਦਾ ਕੰਮ ਦਿੱਤਾ| ਇੱਕ ਦਿਨ ਜਦੋਂ ਬਾਬਾ ਜੀ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਹੇ ਸਨ, ਉਨ੍ਹਾਂ ਦਾ ਪੈਰ ਵੱਡੀ ਕਾਂਟੇਦਾਰ ਝਾੜੀ ਵਿੱਚ ਫਸ ਗਿਆ ਅਤੇ ਦਰਦ ਨਾਲ ਕਰਾਹੁਣ ਲੱਗੇ, ਉਸ ਸਮੇਂ ਭਗਵਾਨ ਬਾਲਾ ਜੀ ਵਿਸ਼ਣੂ ਵੈਂਕਟੇਸ਼ਵਰ ਸਵਾਮੀ ਬੰਜਾਰਾ ਵੇਸ਼ਭੂਸ਼ਾ ਵਿੱਚ ਬਾਬਾ ਹਾਥੀ ਰਾਮ ਜੀ ਦੇ ਸਾਹਮਣੇ ਆਏ ਅਤੇ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕੀਤੀ| ਬਾਬਾ ਹਾਥੀ ਰਾਮ ਜੀ ਦੇ ਪ੍ਰਸ਼ਨ ਦੇ ਉਤਰ ਵਿੱਚ ਬਾਲਾ ਜੀ ਭਗਵਾਨ ਨੇ ਦਸਿਆ ਕਿ ਉਹ ਬੰਜਾਰਾ ਹੈ ਅਤੇ ਅਸ਼ੀਰਵਾਦ ਦਿੱਤਾ ਕਿ ਉਹ ਵੀ ਬੰਜਾਰਿਆਂ ਦੀ ਇਸੇ ਤਰਾਂ ਮਦਦ ਕਰੇਗਾ|
ਬਾਬਾ ਹਾਥੀ ਰਾਮ ਜੀ ਚੌਪੜ ਖੇਲਣ ਦੇ ਸ਼ੌਕੀਨ ਸਨ ਅਤੇ ਇਕੱਲੇ ਹੀ ਖੇਲਦੇ ਸਨ| ਜਦੋਂ ਬਾਬਾ ਜੀ ਚੌਪੜ ਖੇਲਦੇ ਉਹ ਇਕ ਚਾਲ ਅਪਣੀ ਵਲੌਂ ਅਤੇ ਦੂਸਰੀ ਚਾਲ ਬਾਲਾ ਜੀ ਭਗਵਾਨ ਵਲੋਂ ਚਲਦੇ| ਇਕ ਦਿਨ  ਜਦੋਂ ਬਾਬਾ ਹਾਥੀ ਰਾਮ ਜੀ ਚੌਪੜ ਖੇਲ ਰਹੇ ਸਨ ਦਰਵਾਜ਼ੇ ਤੇ ਤੇਜ਼ ਰੋਸ਼ਨੀ ਹੋਈ ਅਤੇ ਦੇਖਿਆ ਬਾਲਾ ਜੀ ਭਗਵਾਨ ਦਰਵਾਜ਼ੇ ਤੇ ਖੜੇ ਸਨ| ਬਾਬਾ ਹਾਥੀ ਰਾਮ ਜੀ ਨੇ ਬਾਲਾ ਜੀ ਨਾਲ ਚੌਪੜ ਖੇਲਣਾ ਸ਼ੁਰੂ ਕੀਤਾ| ਇਹ ਖੇਲ ਕਈ ਦਿਨ ਚਲਦਾ ਰਿਹਾ ਇਕ ਦਿਨ ਭਗਵਾਨ ਬਾਲਾ ਜੀ ਨੇ ਬਾਬਾ ਹਾਥੀ ਰਾਮ ਜੀ ਦੀ ਪ੍ਰੀਖਿਆ ਲੈਣ ਲਈ ਜਦੋਂ ਖੇਲ ਦੀ ਜਗ੍ਹਾ ਤੇ ਅਪਣੀ ਹੀਰਿਆਂ ਜੜਤ ਕੰਠ ਮਾਲਾ ਛੱਡ ਕੇ ਅਲੋਪ ਹੋ ਗਏ |ਬਾਬਾ ਜੀ ਲੰਮੈ ਸਮੇਂ ਤੱਕ ਬਾਲਾ ਜੀ ਭਗਵਾਨ ਦਾ ਇੰਤਜਾਰ ਕਰਨ ਤੋਂ ਬਆਦ ਬਾਬਾ ਜੀ ਉਹ ਹੀਰਿਆਂ ਦੀ ਮਾਲਾ ਮੰਦਰ ਪ੍ਰਬੰਧਕਾਂ ਨੂੰ ਦੇਣ ਲਈ ਚੱਲ ਪਏ| ਹਾਲੇ ਉਹ ਰਸਤੇ ਵਿੱਚ ਹੀ ਸਨ ਮੰਦਰ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਹੀਰਿਆਂ ਦੀ ਮਾਲਾ ਨਾਲ ਪਕੜ ਲਿਆ ਅਤੇ ਚੋਰੀ ਦਾ ਇਲਜ਼ਾਮ ਲਗਾਇਆ| ਬਾਬਾ ਜੀ ਨੇ  ਮੰਦਰ ਪ੍ਰਬੰਧਕਾਂ ਨੂੰ ਸਮਝੌਣ ਦਾ ਹਰ ਸੰਭਵ ਯਤਨ ਕੀਤਾ ਪਰ ਮੰਦਰ ਪ੍ਰਬੰਧਕ ਨਾ ਮੰਨੇ ਅਤੇ ਬਾਬਾ ਜੀ ਨੂੰ  ਰਾਜਾ ਰੰਗਨਾਥ ਯਾਦਵ ਰਾਏ ਦੇ ਸਾਹਮਣੇ ਪੇਸ਼ ਕੀਤਾ ਗਿਆ| ਰਾਜਾ ਰੰਗਨਾਥ ਯਾਦਵ ਨੇ ਵੀ ਬਾਬਾ ਜੀ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਇਕ ਕੋਠੜੀ ਵਿੱਚ ਬੰਦ ਕਰ ਦਿੱਤਾ| ਰਾਜਾ ਨੇ ਇਕ ਬੈਲ ਗਾੜੀ ਗੰਨਾ ਅਤੇ ਦਸ ਸੇਰ ਚਾਵਲ ਬਾਬਾ ਜੀ ਦੇ ਅੱਗੇ ਰੱਖ ਦਿੱਤੇ ਅਤੇ ਹੁਕਮ ਦਿੱਤਾ ਕਿ ਬੁਲਾ ਅਪਣੇ ਭਗਵਾਨ ਨੂੰ ਅਤੇ ਦਿਨ ਢਲਣ ਤੋਂ ਪਹਿਲਾਂ ਚਾਵਲ ਅਤੇ ਗੰਨਾ ਖਤਮ ਕਰੇ| ਰਾਜਾ ਨੇ ਕੋਠੜੀ ਦੇ ਚਾਰ ਚੁਫੇਰੇ ਅਪਣੇ ਅੰਗਰਖਿਅਕਾਂ ਦਾ ਸਖਤ ਪਹਿਰਾ ਬਿਠਾ ਦਿੱਤਾ| ਬਾਬਾ ਜੀ ਅਪਣੇ ਆਪ ਨੂੰ ਅਪਮਾਨਿਤ ਸਮਝਣ ਲੱਗੇ ਅਤੇ ਬਾਲਾ ਜੀ ਭਗਵਾਨ ਵੈਂਕਟੇਸ਼ਵਰ ਦੀ ਭਗਤੀ ਵਿੱਚ ਲੀਨ ਹੋ ਗਏ ਅਤੇ ਬਾਲਾ ਜੀ ਨੂੰ ਸਹਾਇਤਾ ਲਈ ਪੁਕਾਰਨ ਲੱਗੇ| ਸਾਰੇ ਲੋਕ ਅਤੇ ਅੰਗਰਖਿਅਕ ਹੈਰਾਨ ਹੋ ਗਏ ਜਦੋਂ ਦਿਨ ਢਲਣ ਤੋਂ ਕੁਝ ਹੀ ਦੇਰ ਪਹਿਲਾਂ ਭਗਵਾਨ ਵੈਂਕਟੇਸ਼ਵਰ ਜੀ ਹਾਥੀ ਦੇ ਰੂਪ ਵਿੱਚ ਕੋਠੜੀ ਵਿੱਚ ਪਰਗਟ ਹੋਏ ਅਤੇ ਸਾਰਾ ਗੰਨਾ ਅਤੇ ਚਾਵਲ ਮਿੰਟਾਂ ਵਿੱਚ ਖਤਮ ਕਰ ਦਿੱਤਾ ਅਤੇ ਚਿੰਗਾੜ ਮਾਰ ਕੇ ਕੋਠੜੀ ਦਾ ਦਰਵਾਜ਼ਾ ਤੋੜ ਕੇ ਬਾਬਾ ਜੀ ਨੂੰ ਆਜ਼ਾਦ ਕਰਾ ਦਿੱਤਾ| ਅੰਗਰਖਿਅਕਾਂ ਨੇ ਸਾਰਾ ਹਾਲ ਰਾਜਾ ਰੰਗਨਾਥ ਯਾਦਵ ਨੂੰ ਸੁਣਾਇਆ| ਰਾਜੇ ਨੂੰ ਅਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਬਾਬਾ ਜੀ ਪਾਸੋਂ ਮੁਆਫੀ ਮੰਗੀ| ਰਾਜਾ ਨੇ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਲਾਗੇ ਇਕ ਸੁੰਦਰ ਮੱਠ ਬਨਵਾਇਆ ਜੋ ਬਾਬਾ ਹਾਥੀ ਰਾਮ ਜੀ ਦੇ ਮੱਠ ਨਾਲ ਮਸ਼ਹੂਰ ਹੋਇਆ|
ਮਹੰਤ ਅਰਜੁਨ ਦਾਸ ਜੀ ਨੇ ਮੇਰੀ ਤਿਰੂਪਤੀ ਯਾਤਰਾ ਸਮੇਂ ਦੱਸਿਆ ਕਿ ਬਾਬਾ ਹਾਥੀ ਰਾਮ ਜੀ ਬਹੁਤ ਦਿਆਲੂ ਸਨ ਅਤੇ ਗਰੀਬਾਂ ਦੀ ਬਹੁਤ ਮਦਦ ਕਰਦੇ ਸਨ ਅਤੇ ਉਨ੍ਹਾਂ ਦਾ ਬੰਜਾਰਿਆਂ ਨਾਲ ਖਾਸ ਲਗਾਵ ਸੀ| ਉਸ ਸਮੇਂ ਰਾਜੇ ਦੇ ਨੋਕਰਾਂ ਨੂੰ ਸਿਰ ਤੇ ਪਗੜੀ ਬੰਨਣ ਦੀ ਆਗਿਆ ਨਹੀਂ ਸੀ| ਬਾਬਾ ਜੀ ਨੇ ਰਾਜੇ ਦੇ ਸਾਰੇ ਨੋਕਰਾਂ ਦੇ ਸਿਰ ਤੇ ਪਗੜੀ ਸਜਾਈ ਅਤੇ ਰਾਜੇ ਦੇ ਮਨਾਂ ਕਰਨ ਤੇ ਵੀ ਪਗੜੀ ਨਾ ਉਤਾਰਨ ਲਈ ਕਿਹਾ| ਜੇ ਰਾਜਾ ਨੇ ਪਗੜੀ  ਉਤਾਰਨ ਲਈ ਕਿਹਾ  ਤਾਂ ਕਹਿਣਾ ਕਿ ਇਹ ਪਗੜੀ ਸਾਡੇ ਗੁਰੂ ਨੇ ਸਜਾਈ ਹੈ| ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਬਾਬਾ ਜੀ ਦੇ ਇਸ ਯਤਨ ਦੀ ਸਰਾਹਨਾ ਕੀਤੀ ਅਤੇ ਬੰਜਾਰਿਆਂ ਨੂੰ ਪਗੜੀ ਬੰਨਣ ਦੀ ਆਗਿਆ ਦੇ ਦਿੱਤੀ|
ਮਹੰਤ ਅਰਜੁਨ ਦਾਸ ਨੇ ਦੱਸਿਆ ਕਿ ਅੱਜ ਵੀ ਗਰੀਬ ਬੰਜਾਰਿਆਂ ਦਾ ਬਾਬਾ ਜੀ ਦੇ ਮੱਠ ਵਿੱਚ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਭੋਜਨ ਅਤੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ| ਇਸ ਮੱਠ ਤੋਂ ਬਿਨਾਂ ਬਾਬਾ ਜੀ ਦੇ ਭਾਰਤ ਵਿੱਚ (ਕਰਨਾਟਕਾ ,ਮਹਾਰਾਸ਼ਟਰਾ) ਵਿੱਚ ਕਈ ਮੱਠ / ਜਾਇਦਾਦਾਂ ਹਨ| ਬਾਬਾ ਮਹੇਸ਼ ਦਾਸ, ਬਾਬਾ ਹਾਥੀ ਰਾਮ ਜੀ ਦੇ ਖਾਸ ਸ਼ਿਸ਼ਾਂ ਵਿੱਚੋਂ ਸਨ ਜੋ ਪੰਡੋਰੀ ਗਾਂਵ ਗੁਰਦਾਸਪੁਰ ਦੇ ਕੋਲ (ਪੰਜਾਬ) ਵਿੱਚ ਰਹਿੰਦੇ ਸਨ| ਕਹਿੰਦੇ ਹਨ , ਇਕ ਵਾਰ ਸ਼ਹਿਨਸ਼ਾਹ ਜਹਾਂਗੀਰ ਨੇ ਬੜੈ ਘੁਮੰਡ ਨਾਲ ਬਾਬਾ ਮਹੇਸ਼ ਦਾਸ ਜੀ ਨੂੰ ਅਫੀਮ ਖਾਣ ਲਈ ਕਿਹਾ| ਬਾਬਾ ਜੀ ਸਮਝ ਗਏ ਕਿ ਉਨ੍ਹਾਂ ਨੂੰ ਜਾਣਬੁਝ ਕੇ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਅਪਣੀ ਸ਼ਕਤੀ ਦਿਖਾਉਣ| ਬਾਬਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਉਸ ਦੀ ਕੁੱਤੀ ਨੂੰ ਅਫੀਮ ਨਾਲ ਸੰਤੁਸ਼ਟ ਕਰ ਦੇਣ| ਸਿਪਾਹੀਆਂ ਨੇ ਕੁੱਤੀ ਨੂੰ ਅਫੀਮ ਪਾਉਣੀ ਸ਼ੁਰੂ  ਕੀਤੀ| ਸਾਰਿਆਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਕੁੱਤੀ 1.5 ਮਣ (ਕੱਚਾ) ਅਫੀਮ ਖਾ ਕੇ ਹੋਰ ਅਫੀਮ ਵਾਸਤੇ ਅਪਣੀ ਪੂਛ ਹਿਲਾ ਰਹੀ ਸੀ| ਇਹ ਦੇਖ ਕੇ ਸਿਪਾਹੀ ਹੈਰਾਨ ਰਹਿ ਗਏ ਅਤੇ ਬਾਬਾ ਜੀ ਪਾਸੋਂ ਮੁਆਫੀ ਮੰਗੀ| ਅੱਜ ਵੀ ਇਸ ਘਟਨਾ ਕਰਕੇ ਪਿੰਡ ਪੰਡੋਰੀ ਵਿੱਚ ਹਰ ਸਾਲ ਮੇਲਾ ਲਗਦਾ ਹੈ |ਜਿਸ ਤਰਾਂ ਦਾਸ ਨੇ ਉਪਰ ਲਿਖਿਆ ਹੈ ਕਿ ਬਾਬਾ ਹਾਥੀ ਰਾਮ ਜੀ ਗੋਰ (ਗੋਆਰ) ਸਮਾਜ ਵਿਚੋਂ ਸਨ ਅਤੇ ਇਹ ਗੋਰ (ਗੋਆਰ) ਸਮਾਜ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਵਣਜਾਰੇ, ਨਟ, ਸਿਰਕੀਬੰਦ, ਭਗਤਾਵਾ, ਕਾਕਨੀਆ, ਕਾਕਸਰੀਆ, ਲੁਬਾਣਾ, ਲਾਵਾਨਾ, ਪੇਲੀਆ, ਗਵਾਰੀਆ, ਗਾਮਲੀਆ, ਗੌਰ, ਬਰਿਜਵਾਸੀ, ਨਾਇਕ, ਕਾਂਗੀ, ਧਨਕੁਟੇ, ਬੰਜਾਰੇ, ਲਾਖੋਰ, ਰਾਠੋਰ, ਗਵਾਲ, ਬਾਦੀ, ਬਾਜ਼ੀਗਰ, ਲੰਬਾਨੀ, ਲੰਬਾੜਾ ਆਦਿ |
ਇਸ ਲਈ ਬਾਬਾ ਹਾਥੀ ਰਾਮ ਜੀ ਗੋਆਰ ਸਮਾਜ ਦੇ ਲਈ ਪਰਮ ਪੂਜਨੀਕ ਹਨ|
ਲੇਖਕ: ਇੰਦਰ ਸਿੰਘ ਵਲਜੋਤ , ਐਡਵੋਕੇਟ
Uploaded on June 16, 2017--------------------------

  Top